ਆਉ ਜਾਣੀਏ ਕਿ ਅਸੀਂ ਕਿਵੇਂ “ਆਨ-ਲਾਈਨ ਧੋਖੇ” ਤੋਂ ਬਚ ਸਕਦੇ ਹਾਂ।
ਅੱਜ-ਕੱਲ ਦੇ ਸਮੇਂ ਦੌਰਾਨ ਕਈ ਕਿਸਮ ਦੇ ਧੋਖੇ ਪ੍ਰਚਲਿਤ ਹਨ ਜੋ ਜ਼ਿਆਦਾਤਰ ਵੈਬਸਾਈਟਾਂ, ਈਮੇਲਾਂ, ਫੋਨ-ਕਾਲ, ਫੋਨ-ਮੈਸੇਜ ਆਦਿਕ ਰਾਹੀਂ ਕੀਤੇ ਜਾਂਦੇ ਹਨ।
ਅਸੀਂ ਤੁਹਾਡੇ ਨਾਲ ਹਰ ਕਿਸਮ ਦੇ ਧੋਖੇ ਬਾਰੇ ਗੱਲਬਾਤ ਕਰਾਂਗੇ ਅਤੇ ਉਨ੍ਹਾਂ ਤੋਂ ਬਚਣ ਦੇ ਰਸਤੇ ਵੀ ਦੱਸਾਂਗੇ। ਪਰ ਉਸ ਤੋਂ ਪਹਿਲਾਂ ਆਪਣੀ ਗੱਲਬਾਤ ਨੂੰ ਕੈਨੇਡਾ ਰੈਵੇਨਿਯੂ ਏਜੰਸੀ ਦੇ ਸੰਦਰਭ ‘ਚ ਸੀਮਤ ਰੱਖਾਂਗੇ ਕਿਉਂਕਿ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਹਰ ਕੈਨੇਡਾ ਨਿਵਾਸੀ ਆਪਣੀ ਨਿੱਜੀ ਆਮਦਨ ਦੀ ਟੈਕਸ ਰਿਟਰਨ ਭਰਦਾ ਹੈ। ਸ਼ਾਤਰ ਕਿਸਮ ਦੇ ਬੰਦਿਆਂ ਵੱਲੋਂ ਅਕਸਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ ਅਤੇ ਸਹੀ ਜਾਣਕਾਰੀ ਨਾ ਹੋਣ ਕਰਕੇ ਬਹੁਤੇ ਲੋਕ ਆਪਣੇ ਕੀਮਤੀ ਧਨ ਦਾ ਨੁਕਸਾਨ ਕਰਵਾ ਬੈਠਦੇ ਹਨ।
ਅਜਿਹੇ ਸ਼ਾਤਰ ਧੋਖੇਬਾਜ਼ ਆਪਣੇ ਆਪ ਨੂੰ ਕੈਨੇਡਾ ਰੈਵੇਨਿਯੂ ਏਜੰਸੀ ਦੇ ਮੁਲਾਜ਼ਮ (employee) ਦਸਦੇ ਹਨ ਅਤੇ ਲੋਕਾਂ ਨੂੰ ਇਹ ਕਹਿ ਕੇ ਉਨ੍ਹਾਂ ਦਾ ਸੋਸ਼ਲ ਸਕਿਉਰਟੀ ਨੰਬਰ (SIN), ਬੈਂਕ ਅਕਾਂਊਂਟ ਨੰਬਰ, ਕਰੈਡਿਟ ਕਾਰਡ ਨੰਬਰ, ਪਾਸਪੋਰਟ ਨੰਬਰ ਆਦਿ ਮੰਗਦੇ ਹਨ ਤਾਂ ਜੋ ਉਹ ਉਨ੍ਹਾਂ ਨੂੰ ਟੈਕਸ ਰਿਫੰਡ ਕਰ ਸਕਣ ਜਾਂ ਸਰਕਾਰੀ ਸਹੂਲਤਾਂ (benefits) ਦਾ ਪੈਸਾ (ਚਾਈਲਡ ਬੈਨੀਫਿਟ) ਆਦਿ ਚਾਲੂ ਰਖ ਸਕਣ। ਕਈ ਵਾਰ ਇਹ ਧੋਖੇਬਾਜ਼ ਲੋਕਾਂ ਨੂੰ ਡਰਾ-ਧਮਕਾਅ ਕੇ ਵੀ ਉਨ੍ਹਾਂ ਕੋਲੋਂ ਪੈਸੇ ਵਟੋਰ ਲੈਂਦੇ ਹਨ। ਉਦਾਹਰਣ ਵਜੋਂ ਉਹ ਕਹਿ ਸਕਦੇ ਹਨ ਕਿ ਤੁਹਾਡੀ ਟੈਕਸ ਰਿਟਰਨ ਕੈਨੇਡਾ ਰੈਵੇਨਿਯੂ ਏਜੰਸੀ ਕੋਲ ਨਹੀਂ ਪੁੱਜੀ ਜਾਂ ਤੁਸੀਂ ਆਪਣਾ ਪੂਰਾ ਟੈਕਸ ਨਹੀਂ ਭਰਿਆ। ਫਿਰ ਉਹ ਉਸ ਵਿਅਕਤੀ ਕੋਲੋਂ ਕਰੈਡਿਟ ਕਾਰਡ ਜਾਂ ਗਿਫਟ ਕਾਰਡ ਦੇ ਨੰਬਰ ਰਾਹੀਂ ਪੈਸੇ ਠੱਗ ਲੈਂਦੇ ਹਨ।
ਯਾਦ ਰੱਖੋ:
- ਕੈਨੇਡਾ ਰੈਵੇਨਿਯੂ ਏਜੰਸੀ ਹਮੇਸ਼ਾ ਤੁਹਾਡੇ ਨਾਲ ਲਿਖਤੀ ਪੱਤਰ-ਵਿਹਾਰ ਕਰਦੀ ਹੈ।
ਜੇ ਤੁਸੀਂ ਕੈਨੇਡਾ ਰੈਵੇਨਿਯੂ ਏਜੰਸੀ ਦੀ ਵੈਬਸਾਈਟ ‘ਤੇ ਆਪਣਾ ਅਕਾਊਂਟ ਬਣਾਇਆ ਹੋਇਆ ਹੈ ਅਤੇ ਆਪਣੀ ਈਮੇਲ ਉਸ ਅਕਾਊਂਟ ਨਾਲ ਰਜਿਸਟਰਡ ਕੀਤੀ ਹੋਈ ਹੈ ਤਾਂ ਤੁਹਾਡੇ ਟੈਕਸ ਅਤੇ ਬੈਨੀਫ਼ਿਟਾਂ ਦੀ ਹਰ ਕਿਸਮ ਦੀ ਸੂਚਨਾ ਉਸ ਅਕਾਊਂਟ ਰਾਹੀਂ ਹੀ ਮਿਲੇਗੀ। - ਕੈਨੇਡਾ ਰੈਵੇਨਿਯੂ ਏਜੰਸੀ ਕਦੇ ਵੀ ਤੁਹਾਡੇ ਕੋਲੋਂ ਫੋਨ ਜਾਂ ਈਮੇਲ ਰਾਹੀਂ ਨਿੱਜੀ ਜਾਣਕਾਰੀ ਨਹੀਂ ਮੰਗਦੀ। ਜੇਕਰ ਤੁਸੀਂ ਖ਼ੁਦ ਕਿਸੇ ਕੇਸ ਸੰਬੰਧੀ ਕਾਲ ਕੀਤੀ ਹੈ ਜਾਂ ਕੋਈ ਸਰਵਿਸ ਲਈ ਅਪਲਾਈ ਕੀਤਾ ਹੈ ਤਾਂ ਕੈਨੇਡਾ ਰੈਵੇਨਿਯੂ ਏਜੰਸੀ ਸਿਕਿਉਰਟੀ ਨੂੰ ਮੁੱਖ ਰਖਦੇ ਹੋਏ ਕੁੱਝ ਨਿੱਜੀ ਜਾਣਕਾਰੀ ਦੇਣ ਬਾਰੇ ਕਹਿ ਸਕਦੀ ਹੈ।
- ਕੈਨੇਡਾ ਰੈਵੇਨਿਯੂ ਏਜੰਸੀ ਕਦੇ ਵੀ ਤੁਹਾਨੂੰ ਕੋਈ ਐਸੀ ਈ-ਮੇਲ ਨਹੀਂ ਭੇਜਦੀ ਜਿਸ ਵਿੱਚ ਕੋਈ ਲਿੰਕ ਦਿੱਤਾ ਹੋਵੇ ਅਤੇ ਤੁਹਾਨੂੰ ਉਸ ਨੂੰ ਕਲਿੱਕ ਕਰਕੇ ਖੋਲ੍ਹਣ ਲਈ ਕਿਹਾ ਹੋਵੇ। ਪਰ ਜੇ ਕਿਸੇ ਕੇਸ ਦੇ ਸੰਬੰਧ ‘ਚ ਤੁਸੀਂ ਕਾਲ ਕੀਤੀ ਹੈ ਤੇ ਤੁਹਾਨੂੰ ਕੋਈ ਜਾਣਕਾਰੀ ਜਾਂ ਫ਼ਾਰਮ ਚਾਹੀਦਾ ਹੈ ਤਾਂ ਕੈਨੇਡਾ ਰੈਵੇਨਿਯੂ ਏਜੰਸੀ ਦਾ ਏਜੰਟ ਤੁਹਾਡੀ ਫੋਨ ਕਾਲ ਦੇ ਦੌਰਾਨ ਹੀ ਉਹ ਫਾਰਮ ਜਾਂ ਜਾਣਕਾਰੀ ਲਿੰਕ ਸਮੇਤ ਤੁਹਾਡੀ ਈ-ਮੇਲ ‘ਤੇ ਭੇਜੇਗਾ।
- ਕੈਨੇਡਾ ਰੈਵੇਨਿਯੂ ਏਜੰਸੀ ਕਦੇ ਵੀ ਟੈਕਸ ਦੀ ਰਕਮ ਦੀ ਅਦਾਇਗੀ ਪ੍ਰੀਪੇਡ ਕਰੈਡਿਟ ਕਾਰਡਾਂ ਰਾਹੀਂ ਨਹੀਂ ਮੰਗਦੀ। ਨਾ ਹੀ ਉਹ ਕਿਸੇ ਟੈਕਸਦਾਤਾ ਦੀ ਜਾਣਕਾਰੀ ਕਿਸੇ ਹੋਰ ਵਿਅਕਤੀ ਨਾਲ ਸਾਂਝੀ ਕਰਦੀ ਹੈ।ਜੇ ਟੈਕਸਦਾਤਾ ਨੇ ਕਿਸੇ ਹੋਰ ਵਿਅਕਤੀ ਨੂੰ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ ਹੈ ਅਤੇ ਅਧਿਕਾਰ ਦਿਤੇ ਹਨ ਕੈਨੇਡਾ ਰੈਵੇਨਿਯੂ ਏਜੰਸੀ ਨਾਲ ਵਰਤੋਂ ਵਿਹਾਰ ਕਰਨ ਦੇ, ਤਾਂ ਹੀ ਕੈਨੇਡਾ ਰੈਵੇਨਿਯੂ ਏਜੰਸੀ ਤੁਹਾਡੀ ਜਾਣਕਾਰੀ ਉਸ ਵਿਅਕਤੀ ਨਾਲ ਸਾਂਝੀ ਕਰਦੀ ਹੈ।
ਕੈਨੇਡਾ ਰੈਵੇਨਿਯੂ ਏਜੰਸੀ ਕਦੇ ਵੀ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਆਪਣੀ ਫੋਨ ਦੀ ਉੱਤਰ ਦੇਣ ਵਾਲੀ ਮਸ਼ੀਨ (Answering Machine) ‘ਤੇ ਛੱਡਣ ਲਈ ਨਹੀਂ ਕਹਿੰਦੀ।
ਤੁਸੀਂ ਕੀ ਕਰਨਾ ਹੈ ?
- ਕਦੇ ਵੀ ਆਪਣੀ ਨਿੱਜੀ ਜਾਣਕਾਰੀ ਇੰਟਰਨੈੱਟ ਜਾਂ ਈਮੇਲ ਰਾਹੀਂ ਨਾ ਭੇਜੋ। ਕੈਨੇਡਾ ਰੈਵੇਨਿਯੂ ਏਜੰਸੀ ਕਦੇ ਵੀ ਇਹ ਜਾਣਕਾਰੀ ਈਮੇਲ ਰਾਹੀਂ ਨਹੀਂ ਮੰਗਦੀ।
- ਜੇਕਰ ਤੁਸੀਂ ਕੋਈ ਲਾਟਰੀ ਜਾਂ ਆਨ-ਲਾਈਨ ਮੁਕਾਬਲੇ ‘ਚ ਧਨ ਜਿੱਤਿਆ ਹੈ ਅਤੇ ਕੋਈ ਤੁਹਾਨੂੰ ਕੈਨੇਡਾ ਰੈਵੇਨਿਯੂ ਏਜੰਸੀ ਦੇ ਵੱਲੋਂ ਸੰਪਰਕ ਕਰਕੇ ਟੈਕਸ ਭਰਨ ਲਈ ਕਹਿ ਰਿਹਾ ਹੈ ਤਾਂ ਚੌਕਸ ਰਹੋ, ਇਹ ਇੱਕ ਕਿਸਮ ਦਾ ਧੋਖਾ ਹੈ। ਤੁਹਾਨੂੰ ਅਜਿਹੀ ਕਿਸਮ ਦੀ ਆਮਦਨ ‘ਤੇ ਟੈਕਸ ਨਹੀਂ ਦੇਣਾ ਪੈਂਦਾ।
- ਆਪਣੇ ਪਾਸਵਰਡ, ਆਈ ਡੀ, ਪਿੰਨ-ਕੋਡ ਆਦਿ ਗੁਪਤ ਅਤੇ ਸੁਰੱਖਿਅਤ ਰੱਖੋ।
- ਆਪਣਾ ਐਡਰੈੱਸ ਸਾਰੇ ਸਰਕਾਰੀ ਦਫ਼ਤਰਾਂ ਅਤੇ ਏਜੰਸੀਆਂ ਕੋਲ ਅਪਡੇਟ ਰੱਖੋ। ਜਦੋਂ ਵੀ ਤੁਹਾਡਾ ਐਡਰੈੱਸ ਬਦਲਦਾ ਹੈ ਤਾਂ ਤੁਰੰਤ ਸਾਰੇ ਸੰਬੰਧਿਤ ਦਫ਼ਤਰਾਂ ਨੂੰ ਸੂਚਿਤ ਕਰਨਾ ਨਾ ਭੁੱਲੋ। ਇਸ ਸੰਬੰਧੀ ਤੁਹਾਡੇ ਕੰਮ ਨੂੰ ਸੌਖਾ ਕਰਨ ਲਈ ਕੁੱਝ ਗੱਲਾਂ ਦੂਜੀ ਪੋਸਟ ‘ਚ ਸਾਂਝੀਆਂ ਕੀਤੀਆਂ ਜਾਣਗੀਆਂ।
- ਆਪਣੀ ਟੈਕਸ ਰਿਟਰਨ ਤਿਆਰ ਕਰਵਾਉਣ ਲਈ ਜਿਸ ਪ੍ਰੋਫ਼ੈਸ਼ਨਲ ਨੂੰ ਤੁਸੀਂ ਚੁਨਣਾ ਹੈ ਉਸ ਨੂੰ ਧਿਆਨ ਨਾਲ ਦੇਖ-ਪਰਖ਼ ਕੇ ਚੁਣੋ। ਆਪਣੀ ਟੈਕਸ-ਰਿਟਰਨ ਨੂੰ ਭੇਜਣ ਤੋਂ ਪਹਿਲਾਂ ਖ਼ੁਦ ਸਾਰੀ ਭਰੀ ਹੋਈ ਜਾਣਕਾਰੀ ਚੈੱਕ ਕਰੋ ਅਤੇ ਧਿਆਨ ਰੱਖੋ ਕਿ ਬਾਅਦ ‘ਚ ਤੁਸੀਂ ਨੋਟਸ ਆਫ਼ ਅਸੈਸਮੈਂੱਟ ਪ੍ਰਾਪਤ ਕੀਤਾ ਹੈ ਕਿ ਨਹੀਂ।
- ਕਿਸੇ ਵੀ ਈਮੇਲ ਵਿੱਚ ਦਿੱਤੇ ਲਿੰਕ ‘ਤੇ ਕਲਿੱਕ ਨਾ ਕਰੋ। ਧੋਖੇਬਾਜ਼ ਕਿਸਮ ਦੇ ਵਿਅਕਤੀ ਉਸ ਲਿੰਕ ਰਾਹੀਂ ਤੁਹਾਡੇ ਕੋਲੋ ਤੁਹਾਡੀ ਨਿੱਜੀ ਜਾਣਕਾਰੀ ਧੋਖੁ ਨਾਲ ਪ੍ਰਾਪਤ ਕਰ ਸਕਦੇ ਹਨ। ਅਸੀਂ ਇਸ ਬਾਰੇ ਇੱਕ ਵਿਸ਼ੇਸ਼ ਪੋਸਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ।
- ਅੱਜ-ਕੱਲ ਫੋਨਾਂ ਦੀ ਕਾਲਰ-ਆਈਡੀ ਤਕਨੀਕ ਰਾਹੀਂ ਬਦਲੀ ਜਾ ਸਕਦੀ ਹੈ। ਇਸ ਲਈ ਜੇ ਤੁਸੀਂ ਕੋਈ ਕਾਲ ਪ੍ਰਾਪਤ ਕਰਦੇ ਹੋ ਤਾਂ ਸਿਰਫ਼ ਆਉਣ ਵਾਲੀ ਕਾਲ ਦੇ ਨੰਬਰ ਤੋਂ ਹੀ ਇਹ ਅੰਦਾਜ਼ਾ ਨਾ ਲਗਾਉ ਕਿ ਇਹ ਕਿਸੇ ਸਰਕਾਰੀ ਦਫ਼ਤਰ ਤੋਂ ਹੋ ਸਕਦੀ ਹੈ। ਤੁਸੀਂ ਵੀ ਪ੍ਰਸ਼ਨ ਪੁੱਛ ਕੇ ਕਾਲ ਕਰਨ ਵਾਲੇ ਦੀ ਪਛਾਣ ਸੰਬੰਧੀ ਤਸੱਲੀ ਕਰ ਸਕਦੇ ਹੋ।
- ਆਪਣਾ ਸ਼ੋਸ਼ਲ ਸਕਿਉਰਟੀ ਨੰਬਰ ਕਦੇ ਵੀ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕਰੋ ਅਤੇ ਨਾ ਹੀ ਇਸ ਨੂੰ ਆਪਣੀ ਆਈਡੀ (ਪਛਾਣ ਪੱਤਰ) ਵਜੋਂ ਵਰਤੋਂ। ਹਾਂ, ਜਿਥੇ ਤੁਹਾਨੂੰ ਇਹ ਯਕੀਨ ਹੋਵੇ ਕਿ ਤੁਹਾਡਾ ਸ਼ੋਸ਼ਲ ਸਕਿਉਰਟੀ ਨੰਬਰ ਸੁਰੱਖਿਅਤ ਹੈ ਅਤੇ ਇਸ ਦੀ ਗਲਤ ਵਰਤੋਂ ਨਹੀਂ ਹੋਵੇਗੀ ਤਾਂ ਉਥੇ ਹੀ ਤੁਸੀਂ ਇਸ ਨੂੰ ਸਾਂਝਾ ਕਰੋ।
- ਹਮੇਸ਼ਾ ਆਪਣੇ ਬਿਲਾਂ, ਕਰੈਡਿਟ ਕਾਰਡਾਂ ਅਤੇ ਬੈਂਕ ਦੀਆਂ ਸਟੇਟਮੈਂਟਾਂ ਨੂੰ ਚੈੱਕ ਕਰਦੇ ਰਹੋ ਅਤੇ ਕਿਸੇ ਕਿਸਮ ਦੇ ਸ਼ੱਕੀ ਲੈਣ-ਦੇਣ ਬਾਰੇ ਤੁਰੰਤ ਨੋਟਿਸ ਲਉ।
- ਪੁਰਾਣੇ ਕਾਗਜ਼-ਪੱਤਰ ਜਿੰਨ੍ਹਾਂ ਦੀ ਹੁਣ ਤੁਹਾਨੂੰ ਲੋੜ ਨਹੀਂ ਰਹੀਂ ਉਨ੍ਹਾਂ ਨੂੰ Shredder ਰਾਹੀਂ ਸਮੇਂ-ਸਮੇਂ ਨਸ਼ਟ ਕਰਦੇ ਰਹੋ।
- ਡੈਬਿਟ ਜਾਂ ਕਰੈਡਿਟ ਕਾਰਡ ਗੁੰਮ ਹੋਣ ਦੀ ਹਾਲਤ ‘ਚ ਤੁਰੰਤ ਸੰਬੰਧਿਤ ਬੈਂਕ ਨੂੰ ਸੂਚਿਤ ਕਰੋ। ਉਸ ਨੂੰ ਭਾਲਣ ‘ਤੇ ਵਕਤ ਖ਼ਰਾਬ ਕਰਨ ਦੀ ਜ਼ਰੂਰਤ ਨਹੀਂ ਸਗੋਂ ਬੈਂਕ ਨੂੰ ਕਾਲ ਕਰਕੇ ਪਹਿਲਾਂ ਉਸ ਨੂੰ ਬੰਦ ਕਰਵਾਉ ਤਾਂ ਜੋ ਉਸ ਦੀ ਗਲਤ ਵਰਤੋਂ ਨਾ ਹੋ ਸਕੇ। ਫਿਰ ਬੈਂਕ ਤੋਂ ਤੁਸੀਂ ਨਵਾਂ ਕਾਰਡ ਲੈ ਸਕਦੇ ਹੋ।
- ਜਦੋਂ ਤੁਸੀਂ ਛੁੱਟੀਆਂ ਆਦਿਕ ਕਰਕੇ ਘਰ ਨਹੀਂ ਹੋ ਤਾਂ ਆਪਣੇ ਕਿਸੇ ਭਰੋਸੇਯੋਗ ਗੁਆਂਢੀ ਨੂੰ ਤੁਹਾਡੀ ਮੇਲ ਪ੍ਰਾਪਤ ਕਰਨ ਲਈ ਕਹਿ ਕੇ ਜਾਉ ਜਾਂ ਤੁਸੀਂ ਕੈਨੇਡਾ ਪੋਸਟ ਨੂੰ ਤੁਹਾਡੀ ਮੇਲ Hold ਕਰਕੇ ਰੱਖਣ ਲਈ ਵੀ ਕਹਿ ਸਕਦੇ ਹੋ।
ਕੀ ਤੁਸੀਂ ਧੋਖੇ ਦਾ ਸ਼ਿਕਾਰ ਹੋ ਗਏ ਹੋ? ਤਾਂ ਇਹ ਕਰਨਾ ਚਾਹੀਦਾ ਹੈ:
- ਕੈਨੇਡੀਅਨ ਐਂਟੀ-ਫ਼ਰਾਡ ਸੈਂਟਰ ਨੂੰ ਆਨ-ਲਾਈਨ ਸੂਚਿਤ ਕਰੋ ਜਾਂ ਫ਼ਿਰ 1-888-495-8501 ਤੇ ਕਾਲ ਕਰਕੇ ਦੱਸੋ।
- ਜੇ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਨਾਲ ਧੋਖਾ ਹੋ ਗਿਆ ਹੈ ਜਾਂ ਕਿਸੇ ਨੇ ਚਲਾਕੀ ਨਾਲ ਤੁਹਾਡੇ ਕੋਲੋਂ ਤੁਹਾਡੀ ਨਿਜੀ ਅਤੇ ਫਾਈਨੈਨਸ਼ਲ ਜਾਣਕਾਰੀ ਲੈ ਲਈ ਹੈ ਤਾਂ ਤੁਹਾਡੀ ਲੋਕਲ ਪੁਲਿਸ ਨੂੰ ਸੂਚਿਤ ਕਰੋ।
- ਜੇ ਤੁਹਾਡਾ ਸ਼ੋਸ਼ਲ ਸਕਿਉਰਟੀ ਨੰਬਰ ਚੋਰੀ ਹੋ ਗਿਆ ਹੈ ਤਾਂ ਸਰਵਿਸ ਕੈਨੇਡਾ ਨੂੰ 1-800-206-7218 ‘ਤੇ ਸੂਚਿਤ ਕਰੋ।
ਉਪਰੋਕਤ ਜਾਣਕਾਰੀ ਨੂੰ ਪੜ੍ਹਦੇ ਸਮੇਂ ਤੁਹਾਡੇ ਮਨ ‘ਚ ਕਈ ਕਿਸਮ ਦੇ ਸੁਆਲ ਪੈਦਾ ਹੋ ਸਕਦੇ ਹਨ। ਅਸੀਂ ਆਪਣੀਆਂ ਅਗਲੀਆਂ ਪੋਸਟਾਂ ‘ਚ ਉਨ੍ਹਾਂ ਸਾਰੇ ਸੁਆਲਾਂ ਦੇ ਜੁਆਬ ਦੇਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਤੁਹਾਡੇ ਸੁਆਲਾਂ ਦੀ ਉਡੀਕ ਰਹੇਗੀ।
ਨੋਟ: ਇਸ ਪੋਸਟ ਵਿਚਲੀ ਜਾਣਕਾਰੀ ਕੈਨੇਡਾ ਰੈਵੇਨਿਯੂ ਏਜੰਸੀ ਦੀ ਵੈਬਸਾਈਟ ‘ਤੇ ਉਪਲਬਧ ਜਾਣਕਾਰੀ ‘ਤੇ ਆਧਾਰਿਤ ਹੈ। ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਸਾਰੀ ਜਾਣਕਾਰੀ ਕੈਨੇਡਾ ਰੈਵੇਨਿਯੂ ਏਜੰਸੀ ਦੀ ਵੈਬਸਾਈਟ ‘ਤੇ ਉਪਲਬਧ ਜਾਣਾਕਾਰੀ ਮੁਤਾਬਕ ਹੀ ਤੁਹਾਨੂੰ ਮੁਹੱਈਆ ਕਰਵਾਈਏ, ਪਰ ਫ਼ਿਰ ਵੀ ਅਸੀਂ ਤੁਹਾਨੂੰ ਸੁਝਾਅ ਦੇਵਾਂਗੇ ਕਿ ਕਿਸੇ ਕਿਸਮ ਦੇ ਸੁਆਲ ਜਾਂ ਸ਼ੰਕਾਂ ਲਈ ਸਾਨੂੰ ਜ਼ਰੂਰ ਸੰਪਰਕ ਕਰੋ ਅਤੇ ਅਸੀਂ ਆਪਣੀ ਇਸ ਪੋਸਟ ਅਤੇ ਬਾਕੀ ਹੋਰਨਾਂ ਪੋਸਟਾਂ ‘ਚ ਲੋੜੀਂਦੀ ਸੋਧ ਕਰਨ ਲਈ ਹਰ ਸਮੇਂ ਤਿਆਰ ਹਾਂ। ਤੁਹਾਡੇ ਸਹਿਯੋਗ ਲਈ ਅਸੀਂ ਤੁਹਾਡੇ ਸਦਾ ਰਿਣੀ ਰਹਾਂਗੇ।
ਇੰਦਰਜੀਤ ਸਿੰਘ ਰੁਪਾਲ
Radix Bookkeeping Payroll & Tax Services